Web Desk Harsimran
ਚੰਡੀਗੜ੍ਹ, 8 ਨਵੰਬਰ (ਓਜੀ ਇੰਡਿਅਨ ਬਿਊਰੋ)- ਪੰਜਾਬ ਕਾਂਗਰਸ ਵਿੱਚ ਅੰਦਰੂਨੀ ਸੰਕਟ ਅਜੇ ਵੀ ਨਹੀਂ ਨਿਬੜਿਆ ਲੱਗਦਾ ਹੈ। ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਐਲਾਨਾਂ ‘ਤੇ ਲਾਈਵ ਕਾਨਫਰੰਸ ਦੌਰਾਨ ਸਵਾਲ ਖੜੇ ਕੀਤੇ ਸਨ।
ਸਿੱਧੂ ਚੰਨੀ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਹੁਣ ਚੰਨੀ ਸਰਕਾਰ ‘ਤੇ ਨਿਸ਼ਾਨਾ ਵਿੰਨਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਪੁੱਛਿਆ ਕਿ ਏ.ਜੀ.-ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲਿਆਂ ਵਿੱਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ। ਉਹ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਕੀ ਤੁਸੀ ਆਪਣੇ ਸਿਆਸੀ ਹਿਤਾਂ ਖਾਤਰ ਨਿਯੁਕਤ ਕਰਨ ਵਾਲਿਆਂ ਦੇ ਹਿਤਾਂ ਲਈ ਕੰਮ ਕਰ ਰਹੇ ਹੋ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਟਵਿੱਟਰ ਰਾਹੀਂ ਏਜੀ ਦਿਓਲ ਨੂੰ ਇਹ ਲਗਾਤਾਰ ਟਵੀਟਾਂ ਰਾਹੀਂ ਸਵਾਲ ਖੜੇ ਕੀਤੇ ਗਏ ਹਨ।
ਸਿੱਧੂ ਨੇ ਏਜੀ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਬਹੁਤ ਜਲਦੀ ਤੁਸੀਂ ਜੱਜ ਦੇ ਤੌਰ ‘ਤੇ ਤਰੱਕੀ ਦੀ ਮੰਗ ਕਰੋਗੇ ਤਾਂ ਜੋ ਤੁਸੀਂ ਇਸ ਕੇਸ ਦਾ ਫੈਸਲਾ ਕਰ ਸਕੋ। ਸਭ ਤੋਂ ਉੱਚੇ ਕਾਨੂੰਨ ਅਧਿਕਾਰੀ ਹੋਣ ਦੇ ਨਾਤੇ, ਤੁਹਾਡਾ ਧਿਆਨ ਰਾਜਨੀਤੀ ਅਤੇ ਰਾਜਨੀਤਿਕ ਲਾਭਾਂ ‘ਤੇ ਹੈ। ਸਿਆਸਤ ਨੂੰ ਸਿਆਸਤਦਾਨਾਂ ‘ਤੇ ਛੱਡੋ ਅਤੇ ਆਪਣੀ ਨਿੱਜੀ ਜ਼ਮੀਰ, ਇਮਾਨਦਾਰੀ ਅਤੇ ਪੇਸ਼ੇਵਰ ਨੈਤਿਕਤਾ ‘ਤੇ ਧਿਆਨ ਕੇਂਦਰਤ ਕਰੋ।
ਏਜੀ ਦਿਓਲ ਰਾਹੀਂ ਚੰਨੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਸਿੱਧੂ ਨੇ ਪੁੱਛਿਆ ਕਿ ਤੁਸੀਂ ਉਨ੍ਹਾਂ ਲੋਕਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹੋ, ਜਿਨ੍ਹਾਂ ਨੇ ਤੁਹਾਨੂੰ ਇਸ ਸੰਵਿਧਾਨਕ ਅਹੁਦੇ ‘ਤੇ ਨਿਯੁਕਤ ਕੀਤਾ ਹੈ ਅਤੇ ਆਪਣੇ ਸਿਆਸੀ ਫਾਇਦੇ ਦੀ ਪੂਰਤੀ ਕਰ ਰਹੇ ਹੋ? ਕੀ ਤੁਸੀਂ ਸਰਕਾਰ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਬੇਅਦਬੀ ਦੇ ਮਾਮਲਿਆਂ ਵਿੱਚ ਤੁਹਾਡੇ ਦੁਆਰਾ ਜਾਂ ਕਿਸੇ ਹੋਰ ਉਲਟ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵੇ?”
ਸਿੱਧੂ ਨੇ ਏਜੀ ਨੂੰ ਜਵਾਬ ਦਿੱਤਾ ਕਿ ਬੇਅਦਬੀ ਮਾਮਲੇ ਵਿੱਚ ਮੈਂ ਨਹੀਂ ਸਗੋਂ ਤੁਸੀ ਗਲਤ ਜਾਣਕਾਰੀ ਫੈਲਾਅ ਰਹੇ ਹੋ। ਬੇਅਦਬੀ ਮਾਮਲੇ ਦੇ ਦੋਸ਼ੀਆਂ ਦੀ ਪੈਰਵੀ ਮੈਂ ਨਹੀਂ ਸਗੋਂ ਤੁਸੀ ਕਰ ਕੀਤੀ ਹੈ ਅਤੇ ਹੁਣ ਸਰਕਾਰ ਵੱਲੋਂ ਪੈਰਵੀ ਕਰ ਰਹੇ ਹੋ।
ਸਿੱਧੂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਨੈਤਿਕਤਾ ਇਸ ਬਾਰੇ ਹੈ ਕਿ ਚੀਜ਼ਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਚੀਜ਼ਾਂ ਦੇ ਤਰੀਕੇ ਬਾਰੇ। ਨੈਤਿਕ ਲੋਕ ਅਕਸਰ ਕਾਨੂੰਨ ਦੀ ਲੋੜ ਤੋਂ ਵੱਧ ਅਤੇ ਇਸਦੀ ਇਜਾਜ਼ਤ ਤੋਂ ਘੱਟ ਕਰਦੇ ਹਨ। ਜਦੋਂ ਨੈਤਿਕਤਾ ਦੀ ਗੱਲ ਆਉਂਦੀ ਹੈ, ਤਾਂ ਮਨੋਰਥ ਬਹੁਤ ਮਹੱਤਵਪੂਰਨ ਹੁੰਦਾ ਹੈ। ਚਰਿੱਤਰ ਵਾਲਾ ਵਿਅਕਤੀ ਸਹੀ ਉਦੇਸ਼ ਨਾਲ ਸਹੀ ਕਾਰਨ ਲਈ ਸਹੀ ਕੰਮ ਕਰਦਾ ਹੈ। ਤੁਹਾਡੀ ਨਿਮਰਤਾ ਨਿਆਂ ਨੂੰ ਯਕੀਨੀ ਬਣਾਉਣ ਦੀ ਬਜਾਏ ਸਪੱਸ਼ਟ ਤੌਰ ‘ਤੇ ਵਿਗਾੜ ਰਹੀ ਹੈ।